Home

 

ਇਹ ਵੈਬਸਾਈਟ ਕੈਨੇਡਾ ਵਿਚ ਰਹਿੰਦੇ 15 ਮੰਡਿਆਣੀ ਵਾਸੀਆਂ ਦੇ ਉਦਮ ਅਤੇ ਖਰਚੇ ਨਾਲ ਤਿਆਰ ਹੋਈ ਹੈ। ਸਾਈਟ ਤਿਆਰ ਕਰਨ ਦਾ ਵੱਡਾ ਮਕਸਦ ਪੁਰਾਣੇ ਰਿਕਾਰਡ, ਫੋਟੋਆਂ, ਘਟਨਾਵਾਂ ਅਤੇ ਦੰਦ ਕਥਾਵਾਂ ਨੂੰ ਲਿਖਤਬੰਦ ਕਰਨ ਦਾ ਸੀ। ਪਿੰਡ ਦੇ ਬਹੁਤ ਸਾਰੇ  ਅਜਿਹੇ ਬੰਦੇ ਸਨ ਜਿਨ੍ਹਾਂ ਕੋਲ ਪਿੰਡ ਬਾਰੇ ਵਡਮੁੱਲੀ ਜਾਣਕਾਰੀ ਸੀ ਪਰ ਉਹ ਹੌਲੀ ਹੌਲੀ ਰੱਬ ਨੂੰ ਪਿਆਰੇ ਹੁੰਦੇ ਗਏ ਪਰ ਉਨ੍ਹਾਂ ਦੀਆਂ ਗੱਲਾਂ ਲਿਖਤਬੰਦ ਕਰਨ ਦਾ ਕੋਈ ਸਿਲਸਿਲਾ ਨਾ ਹੋਣ ਕਰਕੇ ਇਕ ਵਡਮੁੱਲਾ ਸਰਮਾਇਆ ਸਾਡੇ ਹੱਥੋਂ ਜਾਂਦਾ ਰਿਹਾ। ਇਸੇ ਗੱਲ ਨੂੰ ਮੁੱਖ ਰੱਖਦਿਆਂ, ਲਿਖਤਬੰਦ ਦੇ ਸਿਲਸਿਲੇ ਨੂੰ ਸ਼ੁਰੂ ਕਰਨ ਲਈ ਵੈਬਸਾਈਟ ਸਭ ਤੋਂ ਵਧੀਆ ਜ਼ਰੀਆ ਮੰਨਿਆ ਗਿਆ ਹੈ। ਦੂਜੀ ਗੱਲ ਇਹ ਕਿ ਲਗਭਗ ਇਕ ਸੌ ਸਾਲ ਤੋਂ ਪਿੰਡ ਵਾਸੀ ਬਾਹਰਲੇ ਮੁਲਕਾਂ ਵਿਚ ਜਾਣੇ ਸ਼ੁਰੂ ਹੋਏ ਨੇ। ਬਹੁਤ ਸਾਰੀਆਂ ਦੀਆਂ ਚੌਥੀਆਂ ਪੁਸ਼ਤਾਂ ਪਰਦੇਸੀਂ ਵਸਦੀਆਂ ਨੇ। ਬਹੁਤ ਸਾਰੇ ਲੋਕ ਪੰਜਾਬ ਦੇ ਵੱਖ ਵੱਖ ਸ਼ਹਿਰੀਂ ਅਤੇ ਹੋਰ ਸੂਬਿਆਂ ਵਿਚ ਵੀ ਵਸ ਗਏ ਨੇ। ਉਨ੍ਹਾਂ ਦੀ ਕੋਈ ਫਹਰਿਸਤ ਵੀ ਹੋਣੀ ਚਾਹੀਦੀ ਹੈ। ਇਸ ਮਕਸਦ ਨਾਲ ਵੈਬਸਾਈਟ ਵਿਚ ਪਿੰਡੋਂ ਬਾਹਰ ਵਸੇ ਮੰਡਿਆਣੀ ਵਾਸੀਆਂ ਲਈ ਇਕ ਰਜਿਸਟ੍ਰੇਸ਼ਨ ਰਜਿਸਟਰ ਵੀ ਸ਼ੁਰੂ ਕੀਤਾ ਗਿਆ ਹੈ। ਬਾਹਰ ਜੰਮੇ ਪਲੇ ਮੰਡਿਆਣੀ ਦੇ ਬੱਚੇ ਜਦੋਂ ਵੈਬਸਾਈਟ ‘ਤੇ ਮੰਡਿਆਣੀ ਕਲਿੱਕ ਕਰਦੇ ਸੀਗੇ ਤਾਂ ਉਨ੍ਹਾਂ ਨੂੰ ਜ਼ਰੂਰਤ ਲਾਇਕ ਜਾਣਕਾਰੀ ਮੁਹੱਈਆ ਨਹੀਂ ਸੀ ਹੁੰਦੀ। ਇਸ ਲੋੜ ਦੀ ਪੂਰਤੀ ਲਈ ਵੀ ਪਿੰਡ ਦੀ ਇਕ ਵੈਬਸਾਈਟ ਦੀ ਲੋੜ ਮਹਿਸੂਸ ਕੀਤੀ ਗਈ। ਅਗਾਂਹ ਤੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਵੈਬਸਾਈਟ ਦਾ ਉਦਮ ਕਰਨ ਵਾਲੇ ਇਹ ਮੁੰਡੇ, ਪ੍ਰਦੇਸੀਂ ਰਹਿੰਦੇ ਹੋਰ ਮੰਡਿਆਣੀ ਵਾਸੀਆਂ ਨੂੰ ਨਾਲ ਜੋੜ ਕੇ ਇਕ ਸੁਸਾਇਟੀ ਬਣਾਉਣ ਜੋ ਕਿ ਪਿੰਡ ਦੀ ਭਲਾਈ ਲਈ ਅਤੇ ਵੈਬਸਾਈਟ ਨੂੰ ਬਿਹਤਰ ਬਣਾਉਣ ਲਈ ਜਤਨ ਕਰੇ।

ਸਾਡਾ ਇਹ ਉਦਮ ਇਕ ਬਹੁਤ ਹੀ ਗੈਰ ਤਜ਼ਰਬੇ ਵਾਲਾ ਹੈ, ਸਾਨੂੰ ਉਮੀਦ ਰਹੇਗੀ ਕਿ ਇਸ ਸਾਈਟ ਨੂੰ ਵੇਖਣ ਵਾਲੇ ਸੱਜਣ ਸਾਨੂੰ ਆਪਣੇ ਕੀਮਤੀ ਸੁਝਾਅ ਅਤੇ ਸੇਵਾਵਾਂ ਦਿੰਦੇ ਰਹਿਣਗੇ। ਅਸੀਂ ਸੱਜਣਾਂ ਵਲੋਂ ਇਸ ਪਾਸੇ ਵੱਲ ਪਾਏ ਯੋਗਦਾਨ ਅਤੇ ਦਿੱਤੇ ਸੁਝਾਵਾਂ ਨੂੰ ਜੀਅ ਆਇਆਂ ਆਖਾਂਗੇ।

ਉਦਮੀਆਂ ਦੀਆਂ ਫੋਟੋਆਂ