ਪਿੰਡ ਬਾਰੇ ਜਾਣਕਾਰੀ

ਪਿੰਡ ਮੰਡਿਆਣੀ ਫਿਰੋਜ਼ਪੁਰ-ਲੁਧਿਆਣਾ ਸੜਕ ‘ਤੇ ਜਗਰਾਮਾਂ (ਜਗਰਾਓਂ) ਤੋਂ ਲੁਦਿਹਾਣੇ ਵਾਲੇ ਪਾਸੇ 16 ਕਿਲੋਮੀਟਰ ‘ਤੇ ਪੈਂਦਾ ਹੈ। ਮੇਨ ਰੋਡ ਤੋਂ ਉਤਰ ਵਾਲੇ ਪਾਸੇ ਨੂੰ ਲਗਭਗ ਪੌਣਾ ਕਿਲੋਮੀਟਰ ਹਟਮਾਂ ਹੈ। ਪਿੰਡ ਦਾ ਮੌਜਾ ਜੀ.ਟੀ. ਰੋਡ ਦੇ ਦੋਵੇਂ ਪਾਸੇ ਪੈਂਦਾ ਹੈ। ਪਿੰਡ ਤੋਂ ਲਗਭਗ ਇਕ ਕਿਲੋਮੀਟਰ ਦੱਖਣ ਵਾਲੇ ਪਾਸੇ ਲੁਧਿਆਣਾ-ਫਿਰੋਜ਼ਪੁਰ ਰੇਲਵੇ ਲਾਇਨ ਗੁਜ਼ਰਦੀ ਹੈ। ਨੇੜਲਾ ਰੇਲਵੇ ਸਟੇਸ਼ਨ ਮੁੱਲਾਂਪੁਰ ਪੈਂਦਾ ਹੈ। ਪਹਿਲਾਂ ਸਿੱਧਾ ਪਗਡੰਡੀ ਵਾਲੇ ਰਾਹ ਰਾਹੀਂ ਰੇਲਵੇ ਸਟੇਸ਼ਨ 2 ਕਿਲੋਮੀਟਰ ਦੂਰ ਸੀ ਪਰ ਹੁਣ ਇਹ ਡੰਡੀ ਬੰਦ ਹੋਣ ਕਰਕੇ ਸੜਕੇ ਸੜਕ ਪੰਡੋਰੀ ਪਿੰਡ ਰਾਹੀਂ 3 ਕਿਲੋਮੀਟਰ ਅਤੇ ਮੁੱਲਾਂਪੁਰ ਮੰਡੀ ਰਾਹੀਂ 5 ਕਿਲੋਮੀਟਰ ਦੇ ਲਗਭਗ ਪੈਂਦਾ ਹੈ।
ਇਹ ਪਿੰਡ ਮੁੱਲਾਂਪੁਰ ਦਾਖਾ ਸਬ ਤਹਿਸੀਲ ਰਾਹੀਂ ਲੁਧਿਆਣਾ (ਪੱਛਮੀ) ਤਹਿਸੀਲ ਵਿਚ ਹੈ। ਜ਼ਿਲ੍ਹਾ ਲੁਧਿਆਣਾ ਹੈ। ਪਹਿਲਾਂ ਇਹ ਪਿੰਡ ਤਹਿਸੀਲ ਜਗਰਾਓਂ ਦਾ ਹਿੱਸਾ ਸੀ, 15 ਅਗਸਤ 1992 ਨੂੰ ਜਗਰਾਓਂ ਨਾਲੋਂ ਟੁੱਟਕੇ ਮੁੱਲਾਂਪੁਰ ਦਾਖਾ ਸਬ ਤਹਿਸੀਲ ਵਿਚ ਸ਼ਾਮਿਲ ਹੋ ਗਿਆ। ਠਾਣਾ ਦਾ ਦਾਖਾ ਹੈ, ਜੋ ਕਿ 1857 ਦਾ ਬਣਿਆ ਹੋਇਆ ਹੈ। ਇਹ ਠਾਣਾ ਤਹਿਸੀਲ ਲੁਧਿਆਣਾ ਦਾ ਪਹਿਲਾਂ ਤੋਂ ਹੀ ਹਿੱਸਾ ਹੈ, ਸੋ ਪਿੰਡ ਦੇ ਫੌਜਦਾਰੀ ਮੁਕੱਦਮਿਆਂ ਦੀ ਸੁਣਵਾਈ ਲੁਧਿਆਣਾ ਤਹਿਸੀਲ ਵਿਚ ਹੁੰਦੀ ਸੀ, ਜਦਕਿ ਦੀਵਾਨੀ ਅਤੇ ਜ਼ਮੀਨੀ ਝਗੜੇ ਜਗਰਾਓਂ ਤਹਿਸੀਲ ਵਿਚ ਚੱਲਦੇ ਸੀ। ਹੁਣ ਸਭ ਕੁਝ ਲੁਧਿਆਣੇ ਹੀ ਹੁੰਦਾ ਹੈ। ਪਿੰਡ ਦਾ ਕੁੱਲ ਰਕਬਾ ਲਗਭਗ 2000 ਏਕੜ ਹੈ ਅਤੇ ਹਦਬਸਤ ਨੰਬਰ 77 ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਕੁੱਲ ਅਬਾਦੀ ਲਗਭਗ 3400 ਅਤੇ ਵੋਟਰ 2300ਨੇ।
Continue reading