ਦਵਾਈਆਂ ਤੋਂ ਬਿਨਾਂ ਸਰੀਰ ਤੰਦਰੁਸਤ ਰੱਖਣ ਦੇ ਤਰੀਕੇ

(ਇਹ ਲੇਖ ‘ਅਜੀਤ’ ਵਿਚ 22-04-2012 ਨੂੰ ਛਪਿਆ ਸੀ)
______________________________

ਡਾਕਟਰੀ ਸਾਇੰਸ ਬੁਲੰਦੀ ਵੱਲ ਪਰ ਮਨੁੱਖੀ ਸਿਹਤ ਨਿਘਾਰ ਵੱਲ ਜ਼ਿੰਮੇਵਾਰ ਕੌਣ? – ਡਾ. ਮਨਦੀਪ ਕੌਰ
ਇੱਕ ਪਾਸੇ ਤਾਂ ਅੱਜ ਦੀ ੨੧ਵੀਂ ਸਦੀ ਵਿੱਚ ‘ਡਾਕਟਰੀ ਸਾਇੰਸ’ ਬੁਲੰਦੀ ‘ਤੇ ਖੜ੍ਹੀ ਮਹਿਸੂਸ ਹੁੰਦੀ ਹੈ, ਜਿਸ ਵਿੱਚ ਮਾਮੂਲੀ ਜ਼ੁਕਾਮ ਤੋਂ ਲੈ ਕੇ ਕੈਂਸਰ, ਕਾਲਾ ਪੀਲੀਆ, ਡੇਂਗੂ, ਤਪਦਿਕ ਵਰਗੀਆਂ ਅਨੇਕਾਂ ਹੋਰ ਭਿਆਨਕ ਕਿਸਮ ਦੀਆਂ ਬਿਮਾਰੀਆਂ ਦੀ ਜਾਂਚ ਕਰਨ ਅਤੇ ਉਨ੍ਹਾਂ ‘ਤੇ ਕਾਬੂ ਪਾ ਲੈਣ ਦੇ ਦਾਅਵੇ ਪੜ੍ਹਨ-ਸੁਣਨ ਨੂੰ ਮਿਲਦੇ ਹਨ। ਮੁੱਕਦੀ ਗੱਲ ਇਹ ਹੈ ਕਿ ਸਭ ਸੁਵਿਧਾਵਾਂ ਬਾਰੇ ਸਾਇੰਸ ਦੀ ਇਸ ਕ੍ਰਾਂਤੀਕਾਰੀ ਤਰੱਕੀ ਤੋਂ ਬਾਅਦ ਹੁਣ ਕੋਈ ਵੀ ਇਨਸਾਨ ਕਿਸੇ ਬਿਮਾਰੀ ਤੋਂ ਪੀੜਤ ਨਹੀਂ ਰਹਿ ਸਕੇਗਾ। ਮਨ ਵਿੱਚ ਸਮਾਜ ਦੀ ਇੱਕ ਖੂਬਸੂਰਤ ਜਿਹੀ ਤਸਵੀਰ ਬਣਦੀ ਹੈ। ਸਿਹਤਮੰਦ ਸਮਾਜ ਦੀ, ਜਿੱਥੇ ਹਰ ਵਿਅਕਤੀ ਸਿਹਤ ਪ੍ਰਤੀ ਜਾਗਰੂਕ ਹੋਣ ਕਰਕੇ ਰੋਗ ਰਹਿਤ ਜੀਵਨ ਜੀਅ ਰਿਹਾ ਹੁੰਦਾ ਹੈ। ਇਸ ਦੇ ਬਾਵਜੂਦ ਜੇਕਰ ਉਸਨੂੰ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਉਹ ਆਪਣੀ ਪਹੁੰਚ ਮੁਤਾਬਿਕ ਨੇੜੇ ਦੀ ਕਿਸੇ ਸਿਹਤ ਸੰਸਥਾ ਦੇ ਮਾਹਿਰ ਡਾਕਟਰ ਤੋਂ ਆਪਣੀ ਜਾਂਚ ਕਰਵਾ ਕੇ ਇਲਾਜ ਕਰਵਾਉਂਦਾ ਹੈ ਅਤੇ ਕੁਝ ਕੁ ਦਿਨਾਂ ‘ਚ ਸਿਹਤਯਾਬ ਹੋ ਕੇ ਪਹਿਲਾਂ ਦੀ ਤਰ੍ਹਾਂ ਜੀਵਨ ਬਤੀਤ ਕਰਨ ਲੱਗਦਾ ਹੈ।

Continue reading

ਮਿਰਜ਼ੇ ਦੇ ਬੰਸ ਮੁੱਕਣ ਦੀ ਕਹਾਣੀ

ਮਿਰਜ਼ੇ ਦਾ ਇੱਕ ਹੋਰ ਵਾਰਸ ਆਪਣੇ ਵਡੇਰੇ ਦੇ ਰਾਹੀਂ – ਹਰਨੇਕ ਸਿੰਘ ਘੜੂੰਆਂ (Ex Minister Punjab)

(ਇਹ ਲੇਖ ਪੰਜਾਬੀ ਟ੍ਰਿਬਿਊਨ ਵਿਚ 3-4-1999 ਨੂੰ ਛਪਿਆ ਸੀ)

ਪਿਛਲੇ ਦਿਨੀਂ ਪਾਕਿਸਤਾਨ ਦੇ ਯੂਸਫਸ਼ਾਹੀ ਡਾਕੂ ਦਾ ਮਾਰਿਆ ਜਾਣਾ ਇੱਕ ਅਹਿਮ ਘਟਨਾ ਸੀ। ਪੂਰਾ ਇੱਕ ਦਹਾਕਾ ਉਸ ਨੇ ਆਪਣੇ ਦੁਸ਼ਮਣਾਂ, ਸਰਮਾਏਦਾਰਾਂ ਅਤੇ ਜਗੀਰਦਾਰਾਂ ਨੂੰ ਜੰਗਲੀ ਸ਼ੇਰ ਵਾਂਗੂੰ ਕੰਬਾਈ ਰੱਖਿਆ। ਮੈਂ ਯੂਸਫਸ਼ਾਹੀ  ਬਾਰੇ ਪੂਰੀ ਜਾਣਕਾਰੀ ਲੈਣੀ ਚਾਹੁੰਦਾ ਸਾਂ। ਪਿੰਡ ਜਾਣਾ ਬੜਾ ਮੁਸ਼ਕਿਲ ਸੀ। ਸਮਝ ਨਹੀਂ ਸੀ ਆ ਰਿਹਾ ਕਿ ਕੀ ਕੀਤਾ ਜਾਵੇ?  ਕਿਸੇ ਨੇ ਦੱਸਿਆ ਕਿ ਜੋ ਬੰਦਾ ਰਾਤੀ ਨਾਲ ਦੇ ਕਮਰੇ ‘ਚ ਸੁੱਤਾ ਸੀ, ਉਹ ਸ਼ਾਹੀਆਂ ਦਾ ਵਕੀਲ ਏ। ਵਕੀਲ ਨੂੰ ਲੱਭਣਾ ਵੀ ਸੌਖਾ ਕੰਮ ਨਹੀਂ ਸੀ। ਕੁਝ ਵਰ੍ਹੇ ਪਹਿਲਾਂ ਵਕੀਲ ਸਾਹਿਬ ਦਾ ਪਿਤਾ ਕਤਲ ਹੋ ਗਿਆ। ਵਕੀਲ ਭਰਾਵਾਂ ਨੇ ਆਪਣੇ ਬਾਪ ਦੇ ਕਾਤਲ ਨੂੰ ਖਤਮ ਕਰ ਕੇ ਬਦਲਾ ਲਿਆ ਸੀ। ਵਕੀਲ ਸਾਹਿਬ ਉੱਤੇ ਕਤਲ ਦਾ ਪਰਚਾ ਸੀ। ਉਹ ਲੁੱਕ-ਛਿਪ ਕੇ ਵਕਤ ਕੱਢ ਰਿਹਾ ਸੀ। ਭਾਰਤ ਵਾਪਸ ਆਉਣ ਤੋਂ ਇੱਕ ਦਿਨ ਪਹਿਲਾਂ ਵਕੀਲ ਸਾਹਿਬ ਗੈਲਰੀ ਵਿੱਚ ਕਾਹਲੀ ਕਾਹਲੀ ਜਾਂਦੇ ਨਜ਼ਰ ਪਏ। ਮੈਂ ਫੁਰਤੀ ਨਾਲ ਭੱਜ ਕੇ ਪਿੱਛੋਂ ਬਾਂਹ ਫੜ ਲਈ। ਉਹ ਪਹਿਲਾਂ ਤਾਂ ਇਕਦਮ ਘਬਰਾ ਗਿਆ। ਜਦੋਂ ਪਰਤ ਕੇ ਵੇਖਿਆ, ਇਕਦਮ ਮੁਸਕਰਾ ਕੇ ਕਿਹਾ, ”ਓਅ! ਸਰਦਾਰ ਸਾਹਿਬ ਤੁਸੀਂ ਤੇ ਡਰਾ ਹੀ ਦਿੱਤਾ ਸੀ।” ਮੈਂ ਵਕੀਲ ਨੂੰ ਆਪਣੇ ਕਮਰੇ ਵਿੱਚ ਲੈ ਗਿਆ।

ਪਿਛਲੇ ਵਰ੍ਹੇ ਜਦੋਂ ਮਿਰਜ਼ੇ ਦੀ ਕਬਰ ਉੱਤੇ ਜਾਣ ਦਾ ਮਨ ਬਣਾਇਆ, ਹਰ ਕਿਸੇ ਨੇ ਯੂਸਫਸ਼ਾਹੀ ਦਾ ਡਰ ਦੱਸ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਅਸੀਂ ਘਰਦਿਆਂ ਤੋਂ ਵੀ ਚੋਰੀ ਉੱਥੇ ਜਾ ਕੇ ਆਏ। ਬਾਅਦ ‘ਚ ਯੂਸਫਸ਼ਾਹੀ ਕਿਸੇ ਸ਼ਾਦੀ ਸਮੇਂ ਸਾਡੇ ਦੋਸਤਾਂ ਨੂੰ ਮਿਲਿਆ। ਉਸ ਨੇ ਕਿਹਾ, “ਮੇਰੇ ਮੁਖਬਰਾਂ ਨੇ ਤੁਹਾਡੇ ਆਉਣ ਦੀ ਖਬਰ ਮੇਰੇ ਕੋਲ ਪਹੁੰਚਾ ਦਿੱਤੀ ਸੀ। ਮੇਰਾ ਆਪਣਾ ਦਿੱਲ ਵੀ ਤੁਹਾਨੂੰ ਮਿਲਣ ਲਈ ਕਰਦਾ ਸੀ। ਪਰ ਕੋਈ ਗਲਤਫਹਿਮੀ ਪੈਦਾ ਹੋਣ ਦੇ ਡਰੋਂ ਇੱਧਰ ਨਹੀਂ ਆਇਆਂ।”

Continue reading

ਜਾਨ ਜੋਖਮ ‘ਚ ਪਾ ਕੇ ਮਿਰਜ਼ੇ ਦੇ ਜੰਡ ਵਾਲੀ ਥਾਂ ‘ਤੇ ਸ. ਹਰਨੇਕ ਸਿੰਘ ਘੜੂੰਆਂ ਵਲੋਂ ਕੀਤੀ ਯਾਤਰਾ

(ਇਹ ਲੇਖ ਸ. ਹਰਨੇਕ ਸਿੰਘ ਘੜੂੰਆਂ ਵਲੋਂ ਲਿਖੇ ਲੇਖ ਪੰਜਾਬੀ ਟ੍ਰਿਬਿਊਨ ਵਿਚ 22-5-1998 ਨੂੰ ਛਪਿਆ ਸੀ।)

ਪਾਕਿਸਤਾਨ ਮੈਂ ਇੱਕ ਪੱਕੀ ਨੀਤ ਧਾਰ ਕੇ ਗਿਆ ਸੀ ਕਿ ਮਿਰਜ਼ੇ ਦੇ ਪਿੰਡ ਜ਼ਰੂਰ ਜਾ ਕੇ ਆਉਣ ਏ। ਕਈ ਦਿਨ ਤਾਂ ਇਹੀ ਨਹੀਂ ਪਤਾ ਲੱਗਿਆ ਕਿ ਮਿਰਜ਼ੇ ਦਾ ਪਿੰਡ ਕਿਹੜੇ ਪਾਸੇ ਹੈ। ਪਰ ਜਦੋਂ ਪਤਾ ਲੱਗਿਆ, ਹਰ ਕਿਸੇ ਨੇ ਇਹ ਕਹਿ ਕੇ ਰੋਕ ਦਿੱਤਾ, ”ਛੱਡੋ ਜੀ, ਉਸ ਇਲਾਕੇ ਵਿੱਚ ਯੂਸਫ ਸ਼ਾਹੀ ਡਾਕੂ ਰਹਿੰਦਾ ਹੈ, ਜਿਸ ਦਾ ਟੋਲਾ ਘੱਟੋ-ਘੱਟ ਤੀਹ ਬੰਦਿਆਂ ਦਾ ਹੈ ਅਤੇ ਤੀਹਾਂ ਕੋਲ ਘੋੜੀਆਂ ਤੇ ਮਣਾਂ ਮੂੰਹੀਂ ਅਸਲਾ ਹੈ। ਪੁਲਿਸ ਵੀ ਉਨ੍ਹਾਂ ਕੋਲੋਂ ਕੰਨੀ ਕਤਰਾਉਂਦੀ ਹੈ।” ਇਹ ਸਾਰਾ ਕੁਝ ਜਾਨਣ ਦੇ ਬਾਵਜੂਦ ਪਤਾ ਨਹੀਂ ਕਿਉਂ ਮੈਂ ਆਪਣੇ ਅੰਦਰਲੇ ਨੂੰ ਨਹੀਂ ਮਨਾ ਸਕਿਆ।
ਅਚਾਨਕ ਇੱਕ ਦਿਨ ਪ੍ਰਿੰਸੀਪਲ ਗੁਲਾਮ ਰਸੂਲ ਅਜ਼ਾਦ ਭੱਜਿਆ-ਭੱਜਿਆ ਆਇਆ, ”ਸਰਦਾਰ ਸਾਹਿਬ, ਆਪਣਾ ਮਿਰਜ਼ੇ ਦੇ ਪਿੰਡ ਜਾਣ ਦਾ ਪ੍ਰਬੰਧ ਹੋ ਗਿਆ। ਮੇਰਾ ਪੁਰਾਣਾ  ਵਿਦਿਆਰਥੀ ਰਾਏ ਮੁਰਤਬ ਅਲੀ ਸਾਨੂੰ ਉਥੇ ਲੈ ਜਾਏਗਾ। ਯੂਸਫ ਸ਼ਾਹੀ ਉਸ ਦੇ ਅੱਗੇ ਨਹੀਂ ਆਉਂਦਾ।”
ਅਗਲੇ ਦਿਨ ਸਵੇਰੇ ਹੀ ਰਾਏ ਮੁਰਾਤਬ ਅਲੀ ਦੇ ਪਿੰਡ ਅੰਭਿਆਂ ਵਾਲੀ ਪਹੁੰਚ ਗਏ ਜੋ ਨਨਕਾਣਾ ਸਾਹਿਬ ਤੋਂ ਮਾਂਗਟਵਾਲੀ ਸੜਕ ਦੇ ਚਾਰ ਕੁ ਕਿਲੋਮੀਟਰ ਉੱਤੇ ਹੈ। ਜਿਉਂ ਹੀ ਅਸੀਂ ਰਾਏ ਮੁਰਾਤਬ ਅਲੀ ਦੇ ਘਰ ਪਹੁੰਚੇ, ਬਾਹਰ ਖੜ੍ਹੇ ਪਹਿਰੇਦਾਰ ਨੇ ਸਾਨੂੰ ਡੱਕ ਦਿੱਤਾ ਅਤੇ ਸਾਡਾ ਸੁਨੇਹਾ ਲੈ ਕੇ ਅੰਦਰ ਚਲਾ ਗਿਆ। ਅੰਦਰੋਂ ਪ੍ਰਵਾਨਗੀ ਮਿਲਦੇ ਸਾਰ ਹੀ ਸਾਨੂੰ ਭੁੱਲ-ਭੁਲੱਈਆ ਦੇ ਵਿੱਚੋਂ ਲੰਘਾਉਂਦਾ ਹੋਇਆ ਉਹ ਉਸ ਕਮਰੇ ਵਿੱਚ ਲੈ ਗਿਆ। ਜਿੱਥੇ ਮੁਰਾਤਬ ਅਲੀ ਇੰਤਜ਼ਾਰ ਕਰ ਰਿਹਾ ਸੀ।
ਮੁਰਾਤਬ ਅਲੀ ਦੀ ਆਪਣੀ ਦੁਨੀਆਂ ਹੈ। ਜਿੰਨੀ ਦੇਰ ਨਵਾਜ਼ ਸ਼ਰੀਫ ਦੀ ਪਾਰਟੀ ਦੀ ਸਰਕਾਰ ਰਹਿੰਦੀ ਹੈ, ਉਸ ਦੀਆਂ ਚੰਮ ਦੀਆਂ ਚਲਦੀਆਂ ਹਨ ਅਤੇ ਜਦੋਂ ਸਰਕਾਰ ਕਿਸੇ ਹੋਰ ਪਾਰਟੀ ਦੀ ਆ ਜਾਏ ਤਾਂ ਉਹ ਘਰ-ਬਾਰ ਛੱਡ ਕੇ ਅੰਡਰ ਗਰਾਉਂਡ ਹੋ ਜਾਂਦਾ ਹੈ। ਕਿਸੇ ਵੇਲੇ ਇਹ ਘਰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸਰਗਰਮੀ ਦਾ ਅੱਡਾ ਵੀ ਰਿਹਾ ਹੈ। ਇਸ ਘਰ ਵਿੱਚ ਕਿਸੇ ਵੇਲੇ ਪੰਡਤ ਜਵਾਹਰ ਲਾਲ ਨਹਿਰੂ ਅਤੇ ਛੋਟੀ ਉਮਰੇ ਸ਼੍ਰੀਮਤੀ ਇੰਦਰਾ ਗਾਂਧੀ ਗਏ ਸਨ। ਮੁਰਾਤਬ ਅਤੇ ਅਲੀ ਦੇ ਤਾਇਆ ਜੀ ਹਾਜ਼ੀ ਮੁਹੰਮਦ ਸਾਦਿਕ ਲੰਮਾ ਸਮਾਂ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ। ਉਹ ਅਜ਼ਾਦੀ ਤੋਂ ਥੋੜ੍ਹਾ ਸਮਾਂ ਪਹਿਲਾਂ ਮੁਸਲਮ ਲੀਗ ਵਿੱਚ ਸ਼ਾਮਲ ਹੋ ਗਏ ਸਨ।

Continue reading